ਅਸੀਂ ਨਾਨਕ ਦੇ ਕੀ ਲੱਗਦੇ ਹਾਂ – ਜਸਵੰਤ ਜ਼ਫ਼ਰ

ਨਾਨਕ ਤਾਂ ਪਹਿਲੇ ਦਿਨ ਹੀ
ਵਿਦਿਆਲੇ ਨੂੰ
ਵਿਦਿਆ ਦੀ ਵਲਗਣ ਨੂੰ
ਰੱਦ ਕੇ ਘਰ ਮੁੜੇ
ਘਰ ਮੁੜੇ ਘਰੋਂ ਜਾਣ ਲਈ
ਘਰੋਂ ਗਏ ਘਰ ਨੂੰ ਵਿਸਥਾਰਨ ਲਈ
ਵਿਸ਼ਾਲਣ ਲਈ

ਅਸੀਂ ਨਾਨਕ ਵਾਂਗ ਵਿਦਿਆਲੇ ਨੂੰ ਨਕਾਰ ਨਹੀਂ ਸਕਦੇ
ਨਾਨਕ ਨਾਮ ਤੇ ਵਿਦਿਆਲੇ ਉਸਾਰ ਸਕਦੇ ਹਾਂ –
ਗੁਰੂ ਨਾਨਕ ਵਿਦਿਆਲਾ
ਗੁਰੂ ਨਾਨਕ ਮਹਾਂਵਿਦਿਆਲਾ
ਗੁਰੂ ਨਾਨਕ ਵਿਸ਼ਵਵਿਦਿਆਲਾ

ਵਿਦਿਆਲੇ ਦੇ ਸੋਧੇ ਪ੍ਰਬੋਧੇ ਅਸੀਂ
ਗਿਆਨੀ
ਵਿਦਿਆ ਦਾਨੀ
ਘਰਾਂ ਦੇ ਕੈਦੀ
ਪਤਵੰਤੇ ਸੱਜਣ
ਨਾਨਕ ਦੇ ਕੀ ਲੱਗਦੇ ਹਾਂ

~ ਜਸਵੰਤ ਜ਼ਫ਼ਰ ਦੀ ਕਿਤਾਬ “ਅਸੀਂ ਨਾਨਕ ਦੇ ਕੀ ਲੱਗਦੇ ਹਾਂ” ਵਿਚੋਂ

ਅਸੀਂ ਨਾਨਕ ਦੇ ਕੀ ਲੱਗਦੇ ਹਾਂ – ਜਸਵੰਤ ਜ਼ਫ਼ਰ